ਹਜੂਰੀ  ਰਾਗੀ ਪਦਮ ਸ੍ਰੀ ਸਵਰਗੀ  ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਨੇ ਖੋਲੇ ਸਰਕਾਰ ਦੇ ਇਸ ਸਬੰਧੀ ਕੀਤੇ ਗਏ ਪ੍ਰਬੰਧਾ ਦੇ ਪੋਲ।

ਹਜੂਰੀ  ਰਾਗੀ ਪਦਮ ਸ੍ਰੀ ਸਵਰਗੀ  ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਨੇ ਖੋਲੇ ਸਰਕਾਰ ਦੇ ਇਸ ਸਬੰਧੀ ਕੀਤੇ ਗਏ ਪ੍ਰਬੰਧਾ ਦੇ ਪੋਲ।

ਅੱਜ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸਨੇ ਖਤਰਨਾਕ ਸਾਬਿਤ ਹੋ ਰਹੇ ਕੋਰੋਨਾ ਵਾਇਰਸ ਦਾ ਨਾਮ ਨਾਂ ਸੁਣਿਆ ਹੋਵੇ। ਚੀਨ ਦੇ ਵੂਹਾਨਾ ਤੋਂ ਚੱਲੇ ਇਸ ਖਤਰਨਾਕ ਵਾਇਰਸ ਦਾ ਪ੍ਰਭਾਵ ਹੁਣ ਲੱਗਭੱਗ ਪੂਰੇ ਵਿਸ਼ਵ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 10 ਜਨਵਰੀ 2020 ਨੂੰ ਚੀਨ ਵਿੱਚ ਸਾਹਮਣੇ ਆਇਆ ਸੀ ਅਤੇ ਹੁਣ ਤੱਕ ਪੂਰੇ ਵਿਸ਼ਵ ਵਿੱਚ ਲੱਗਭੱਗ 1127528 ਮਾਮਲੇ ਸਾਹਮਣੇ ਆਏ ਹਨ ਅਤੇ ਲੱਗਭੱਗ 59949 ਵਿਅੱਕਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਪਹਿਲਾ ਮਾਮਲਾ 29 ਜਨਵਰੀ, 2020 ਨੂੰ ਸਾਹਮਣੇ ਆਇਆ ਸੀ ਅਤੇ ਹੁਣ ਗਿਣਤੀ 3210 ਦੇ ਲੱਗਭੱਗ ਪਹੁੰਚ ਗਈ ਹੈ ਅਤੇ 86 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਪਹਿਲਾ ਮਾਮਲਾ 09 ਮਾਰਚ ਨੂੰ ਪਤਾ ਚੱਲਿਆ ਸੀ ਅਤੇ ਹੁਣ ਤੱਕ ਲੱਗਭੱਗ 59 ਵਿਅੱਕਤੀ ਪਾਜਟਿਵ ਮਿਲੇ ਹਨ ਅਤੇ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਚੀਨ, ਅਮਰੀਕਾ, ਇਟਲੀ, ਸਪੇਨ, ਇੰਗਲੈਡ ਆਦਿ ਵਿਕਸਿਤ ਦੇਸ਼ ਜੋ ਕਿ ਸਿਹਤ ਸਹੂਲਤਾਂ ਵਿੱਚ ਵੀ ਕਾਫੀ ਅੱਗੇ ਹਨ ਵੀ ਇਸ ਵਾਇਰਸ ਅੱਗੇ ਲਾਚਾਰ ਮਹਿਸੂਸ ਹਨ ਅਤੇ ਬਰਬਾਦੀ ਦੇ ਕੰਢੇ ਪਹੁੰਚ ਗਏ ਹਨ। ਇਸ ਦਾ ਕੋਈ ਇਲਾਜ ਨਾਂ ਹੋਣ ਕਾਰਨ ਸਿਰਫ ਬਚਾਓ ਹੀ ਹੱਲ ਹੈ। ਸਰਕਾਰ ਨੇ ਇਸਦੇ ਬਚਾਓ ਲਈ ਪਹਿਲਾਂ 22 ਮਾਰਚ ਐਤਵਾਰ ਨੂੰ ਇੱਕ ਦਿਨ ਲਈ ਲਾਕਡਾਊਨ ਕੀਤਾ ਸੀ ਅਤੇ ਹੁਣ 24 ਮਾਰਚ ਤੋਂ 21 ਦਿਨ ਲਈ ਪੂਰੇ ਦੇਸ਼ ਵਿੱਚ ਮੁਕੰਮਲ ਲਾਕਡਾਊਨ ਕੀਤਾ ਗਿਆ ਹੈ। ਦੇਸ਼ ਦੇ ਕਈ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਆਦਿ  ਵਿੱਚ ਮੁਕੰਮਲ ਕਰਫਿਊ ਤੱਕ ਲਗਾਇਆ ਗਿਆ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, 20 ਤੋਂ ਵੱਧ ਵਿਅਕਤੀਆਂ ਦੇ ਇੱਕ ਥਾਂ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ, ਘਰੇਲੂ ਅਤੇ ਅੰਤਰਰਾਸਟਰੀ ਹਵਾਈ ਸੇਵਾਵਾਂ ਸਮੇਤ ਰੇਲ ਅਤੇ ਬੱਸ ਸੇਵਾਵਾਂ ਵੀ ਮੁਕੰਮਲ ਬੰਦ ਕਰ ਦਿਤੀਆਂ ਗਈਆਂ ਹਨ। ਬਹੁਤੇ ਉਦਯੋਗ, ਦਫਤਰ ਆਦਿ ਵੀ ਬੰਦ ਕੀਤੇ ਗਏ ਹਨ। ਬੇਸੱਕ ਸਰਕਾਰ ਵਲੋਂ ਵਾਰ ਵਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪਰ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਕੁੱਝ ਹੋਰ ਹੀ ਹੈ। ਹਜੂਰੀ ਰਾਗੀ ਸਵਰਗੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਨੇ ਸਰਕਾਰ ਦੇ ਇਸ ਸਬੰਧੀ ਕੀਤੇ ਗਏ ਪ੍ਰਬੰਧਾ ਦੇ ਪੋਲ ਖੋਲ ਦਿੱਤੇ ਹਨ। ਇਲਾਜ ਦੌਰਾਨ ਹਸਪਤਾਲ ਵਿੱਚ ਉਨ੍ਹਾਂ ਦੀ ਅਪਣੇ  ਪਰਿਵਾਰ ਨਾਲ ਹੋਈ ਫੌਨ ਤੇ ਗੱਲਬਾਤ ਦੀ ਰਿਕਾਰਡਿੰਗ ਵਿੱਚ ਭਾਈ ਸਾਹਿਬ ਸਾਫ ਕਹਿ ਰਹੇ ਹਨ ਕਿ ਹਸਪਤਾਲ ਵਿੱਚ ਕੋਈ ਵੀ  ਖਾਸ ਪ੍ਰਬੰਧ ਨਹੀਂ ਹਨ। ਬੇਸ਼ੱਕ ਇਸ ਤਰ੍ਹਾਂ ਦੀਆਂ ਨਾਕਾਮੀਆਂ ਸਬੰਧੀ ਪਹਿਲਾਂ ਵੀ ਕੁੱਝ ਮਾਮਲੇ ਸਾਹਮਣੇ ਆਏ ਹਨ ਪ੍ਰੰਤੂ ਭਾਈ ਸਾਹਿਬ ਦੀ ਇਸ ਰਿਕਾਰਡਿੰਗ ਵਿੱਚ ਸਰਕਾਰ ਦੇ ਪ੍ਰਬੰਧਾਂ ਦੇ ਦਾਅਵਿਆਂ ਦਾ ਅਸਲੀ ਸੱਚ ਸਾਹਮਣੇ ਆਗਿਆ ਹੈ। ਇਸ ਤੋਂ ਵੀ ਦੁੱਖ ਦੀ  ਗੱਲ ਹੈ ਕਿ ਸਵਰਗੀ  ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੀ ਮੌਤ ਦਾ ਸਮੂਹ ਸਿੱਖ ਜਗਤ ਨੇ ਦੁੱਖ ਮਨਾਇਆ ਹੈ ਦਾ ਕੁੱਝ ਲੋਕਾਂ ਜਿਨ੍ਹਾਂ ਵਿੱਚ ਇੱਕ ਕਾਂਗਰਸੀ ਕੌਂਸਲਰ ਦੇ ਪਤੀ ਹਰਪਾਲ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ  ਸੰਸਕਾਰ ਕਰਨ ਤੋਂ ਵੀ ਰੋਕਿਆ ਹੈ ਅਤੇ ਆਖਿਰ ਕਿਸੇ ਹੋਰ ਸਥਾਨ ਤੇ ਹੀ ਸੰਸਕਾਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਸਰਕਾਰ ਵਲੋਂ ਅਜਿਹੇ ਵਿਅਕਤੀਆਂ ਖਿਲਾਫ ਕਿਸੇ ਤਰਾਂ ਦੀ ਕਨੂੰਨੀ ਕਾਰਵਾਈ ਨਹੀਂ  ਕੀਤੀ ਗਈ ਹੈ। ਹੁਣ ਕੁੱਝ ਸਿਹਤ ਕੇਂਦਰਾਂ ਜਿਨ੍ਹਾਂ ਵਿੱਚ ਉੱਤਰੀ ਭਾਰਤ ਦਾ ਪੀ ਜੀ ਆਈ ਵੀ ਸਾਮਲ ਹੈ ਦੇ ਸਿਹਤ ਕਰਮਚਾਰੀਆਂ ਡਾਕਟਰਾਂ, ਨਰਸਿੰਗ ਸਟਾਫ ਆਦਿ ਨੇ ਸਰਕਾਰ ਵਲੋਂ ਸੁਰੱਖਿਆ ਦਾ ਸਮਾਨ ਉਪਲੱਭਦ ਨਾਂ ਕਰਵਾਉਣ ਲਈੇ ਰੋਸ ਪ੍ਰਦਰਸਨ ਕੀਤਾ ਹੈ ਅਤੇ ਲਿਖਤੀ ਸਿਕਾਇਤਾਂ ਕੀਤੀਆਂ ਹਨ। ਇਸ ਤਰਾਂ ਦੀਆਂ ਦੁੱਖਦਾਇਕ ਘਟਨਾਵਾਂ ਦਾ ਵਾਪਰਨਾ ਆਮ ਲੋਕਾਂ ਨੂੰ ਸਰਕਾਰ ਦੇ ਪ੍ਰਬੰਧਾਂ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ। ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਵੱਡਾ ਅੰਤਰ ਹੈ। ਸਰਕਾਰ ਵਲੋਂ ਗਰੀਬ ਲੋਕਾਂ ਦੀ ਮੱਦਦ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਪਹਿਲਾਂ ਹੀ ਕਈ ਵਾਰ ਪੋਲ ਖੁੱਲ ਚੁੱਕੀ ਹੈ। ਦੇਸ ਵਿੱਚ ਉਪਲੱਭਦ ਨਿਗੂਣੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਸ ਕੋਰੋਨਾ ਵਾਇਰਸ ਤੋਂ ਦੇਸ ਵਾਸੀਆਂ ਨੂੰ ਬਚਾਓਣ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਸਰਕਾਰ ਦੇ ਹੁਕਮਾਂ ਨੂੰ ਲਾਗੂ ਨਾਂ ਕਰਨ ਵਾਲੇ ਰਾਜਨੀਤੀਵਾਨਾਂ, ਅਧਿਕਾਰੀਆਂ ਅਤੇ ਇਨ੍ਹਾਂ ਦੀ ਉਲਘੰਣਾਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਠੋਸ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੇ ਮਿਲਕੇ ਕਾਬੂ ਪਾਇਆ ਜਾ ਸਕੇ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ
9417563054
04 ਅਪ੍ਰੈਲ, 2020 

super visa